ਸਵਾਲ ਅਤੇ ਜਵਾਬ
ਸ਼ਮੂਲੀਅਤ ਦਾ ਕੀ ਮੰਤਵ ਹੈ?
ਸੂਬੇ ਭਰ ਵਿਚ ਹੋਣ ਵਾਲੀ ਸ਼ਮੂਲੀਅਤ (ਇਨਗੇਜਮੈਂਟ) ਲੋਕਾਂ, ਭਾਈਚਾਰਿਆਂ ਅਤੇ ਉਨ੍ਹਾਂ ਗਰੁੱਪਾਂ ਨੂੰ ਇਕੱਠਾ ਕਰੇਗੀ ਜਿਨ੍ਹਾਂ ਦੇ ਗੱਲਬਾਤ ਵਿਚ ਹਿੱਤ ਹਨ। ਇਹ ਪ੍ਰਕਿਰਿਆ ਸਾਊਥ ਏਸ਼ੀਅਨ ਕੈਨੇਡੀਅਨ ਭਾਈਚਾਰੇ ਦੀਆਂ ਸੰਸਥਾਵਾਂ, ਲੀਡਰਾਂ (ਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ), ਕਲਾਕਾਰਾਂ , ਵਿਦਵਾਨਾਂ, ਅਤੇ ਵਸਨੀਕਾਂ ਤੋਂ ਸਰਗਰਮੀ ਨਾਲ ਵਿਚਾਰ ਮੰਗੇਗੀ ਅਤੇ ਸ਼ਮੂਲੀਅਤ ਕਰਵਾਏਗੀ । ਇਹ ਵਿਚਾਰ ਅਤੇ ਯੋਗਦਾਨ ਮਿਊਜ਼ੀਅਮ ਦੇ ਦ੍ਰਿਸ਼ਟੀਕੋਣ ਨੂੰ ਘੜਨਗੇ ਅਤੇ ਇਹ ਪੱਕਾ ਕਰਨਗੇ ਕਿ ਸ਼ਮੂਲੀਅਤ ਦੀ ਪ੍ਰਕਿਰਿਆ ਹਿੱਸਾ ਲੈਣ ਵਾਲੇ ਭਾਈਚਾਰਿਆਂ ਨੂੰ ਢੁੱਕਵੀਂ ਅਤੇ ਅਰਥਪੂਰਨ ਮਹਿਸੂਸ ਹੋਵੇ।
ਸ਼ਮੂਲੀਅਤ ਦਾ ਨਤੀਜਾ ਕੀ ਹੋਵੇਗਾ?
ਇਸ ਪੜਾ ਦਾ ਧਿਆਨ ਮਿਊਜ਼ੀਅਮ ਲਈ ਸਮੁੱਚੇ ਦ੍ਰਿਸ਼ਟੀਕੋਣ `ਤੇ ਹੈ, ਜਿਸ ਵਿਚ ਇਸ ਦਾ ਨਾਂ ਅਤੇ ਪਤਾ ਸ਼ਾਮਲ ਹਨ। ਇਸ ਮੁਢਲੇ ਪੜਾ ਦੌਰਾਨ, ਸਾਊਥ ਏਸ਼ੀਅਨ ਕੈਨੇਡੀਅਨ ਵਿਰਾਸਤਾਂ ਦੇ ਵੱਖ-ਵੱਖ ਵਿਅਕਤੀਆਂ ਅਤੇ ਭਾਈਚਾਰਿਆਂ ਵਲੋਂ ਤਿਆਰ ਕੀਤਾ ਗਿਆ ਦ੍ਰਿਸ਼ਟੀਕੋਣ ਥੀਮੈਟਿਕ ਅਤੇ ਕਿਊਰੇਟੋਰੀਅਲ (ਮਿਊਜ਼ੀਅਮ ਲਈ ਵਿਸ਼ਿਆਂ ਅਤੇ ਮਿਊਜ਼ੀਅਮ ਵਿਚ ਕੀ ਹੋਵੇਗਾ ਅਤੇ ਕੀ ਨਹੀਂ ਹੋਵੇਗਾ ) ਦੇ ਕੰਮ ਨਾਲ ਸੰਬੰਧਿਤ ਮਹੱਤਵਪੂਰਨ ਵੇਰਵਿਆਂ ਦੇ ਸੰਬੰਧ ਵਿਚ ਪਲੈਨਿੰਗ ਦੇ ਬਾਅਦ ਦੇ ਪੜਾਵਾਂ ਲਈ ਜਾਣਕਾਰੀ ਦੇਵੇਗਾ। ਥੀਮੈਟਿਕ ਅਤੇ ਕਿਊਰੇਟੋਰੀਅਲ ਕੰਮ ਇਸ ਪੜਾ ਦਾ ਕੇਂਦਰ ਨਹੀਂ ਹੋਣਗੇ।
ਕੀ ਹੁਣ ਤੱਕ ਕੋਈ ਸ਼ਮੂਲੀਅਤ ਹੋਈ ਹੈ?
13 ਅਪਰੈਲ, 2023 ਨੂੰ ਸੈਰ-ਸਪਾਟਾ, ਕਲਾ, ਸਭਿਆਚਾਰ ਅਤੇ ਖੇਡ ਮੰਤਰਾਲੇ ਦੇ ਮੰਤਰੀ ਮਾਣਯੋਗ ਲੇਨਾ ਪੌਪਮ ਨੇ 120 ਨਾਲੋਂ ਜ਼ਿਆਦਾ ਕਮਿਊਨਟੀ ਲੀਡਰਾਂ ਅਤੇ ਹਿੱਤਧਾਰਕਾਂ ਨਾਲ ਇਕ ਇਕੱਠ ਦੀ ਮੇਜ਼ਬਾਨੀ ਕੀਤੀ ਸੀ। ਇਸ ਸਮਾਗਮ ਦੌਰਾਨ, ਹਿੱਸਾ ਲੈਣ ਵਾਲਿਆਂ ਨੇ ਮਿਊਜ਼ੀਅਮ ਵਾਲੀ ਥਾਂ ਦੀ ਸਭਿਆਚਾਰਕ ਪ੍ਰੋਗਰਾਮਾਂ ਲਈ ਸੰਭਵ ਥਾਂ, ਸਿਰਜਣਾਤਮਕ ਥਾਂ, ਰਸੋਈ ਨਾਲ ਇਕ ਬੈਂਕੁਇਟ ਹਾਲ, ਮੇਕਰ ਸਪੇਸ, ਸਿੱਖਣ ਲਈ ਜਾਂ ਕਮਿਊਨਿਟੀ ਲੱਭਣ ਜਾਂ ਹੋਰ ਗੱਲਾਂ ਲਈ ਇਕ ਨਵੀਨ ਥਾਂ ਵਜੋਂ ਕਲਪਨਾ ਕਰਦਿਆਂ ਜ਼ਿਆਦਾ ਅੰਤਰ-ਸਰਗਰਮੀ ਅਤੇ ਥਾਂ ਦੀ ਪੂਰੀ ਵਰਤੋਂ ਨੂੰ ਉਤਸ਼ਾਹ ਦੇਣ ਲਈ ਵਿਚਾਰ ਸਾਂਝੇ ਕੀਤੇ। ਸ਼ਮੂਲੀਅਤ ਦੀ ਯੋਜਨਾਬੰਦੀ ਵਿਚ ਵਿਚਾਰ ਮੰਗਣ ਲਈ ਸੈਸ਼ਨ ਨੂੰ ਪੂਰੀ ਤਰ੍ਹਾਂ ਇਕ ਵਿਚਾਰ-ਵਟਾਂਦਰੇ ਦੇ ਸੈਸ਼ਨ ਵਜੋਂ ਤਿਆਰ ਕੀਤਾ ਗਿਆ ਸੀ; ਇਸ ਦਾ ਮਕਸਦ ਕੋਈ ਵੀ ਫੈਸਲੇ ਕਰਨਾ ਨਹੀਂ ਸੀ। ਅਸੀਂ ਇਸ ਨਵੇਂ ਮਿਊਜ਼ੀਅਮ ਦੇ ਵਿਯਨ ਬਾਰੇ ਕੋਈ ਵੀ ਅਤੇ ਸਾਰੇ ਵਿਚਾਰਾਂ ਦਾ ਸੁਆਗਤ ਕਰਨ ਲਈ ਉਤਸੁਕ ਹਾਂ।
ਮੰਤਰਾਲੇ ਦੀ ਐਡਵਾਈਜ਼ਰੀ ਦਾ ਕੀ ਰੋਲ ਹੈ?
ਐਡਵਾਈਜ਼ਰੀ ਸ਼ਮੂਲੀਅਤ ਵਾਲੀ ਪਹੁੰਚ ਲਈ ਭਾਈਚਾਰਿਆਂ ਅਤੇ ਕਾਰਜਨੀਤਕ ਸਲਾਹਕਾਰਾਂ ਵਿਚ ਮਾਧਿਅਮ ਵਜੋਂ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜੋ ਉਨ੍ਹਾਂ ਲੋਕਾਂ, ਭਾਈਚਾਰਿਆਂ ਅਤੇ ਗਰੁੱਪਾਂ ਨੂੰ ਇਕੱਠਾ ਕਰਦੀ ਹੈ ਜਿਨ੍ਹਾਂ ਦੇ ਗੱਲਬਾਤ ਵਿਚ ਹਿੱਤ ਹਨ। ਸ਼ਮੂਲੀਅਤ ਦੀ ਯੋਜਨਾਬੰਦੀ ਦੌਰਾਨ, ਐਡਵਾਈਜ਼ਰੀ (ਸਲਾਹਕਾਰ) ਇਕ ਸੂਬਾ-ਵਿਆਪੀ, ਕਮਿਊਨਟੀ ਦੀ ਅਗਵਾਈ ਵਾਲੇ ਸ਼ਮੂਲੀਅਤ ਦੀ ਪ੍ਰਕਿਰਿਆ ਦੇ ਡਿਜ਼ਾਇਨ ਨਾਲ ਸੰਬੰਧਿਤ ਜਾਣਕਾਰੀ ਦੇਵੇਗੀ ਅਤੇ ਸਿਫਾਰਸ਼ਾਂ ਕਰੇਗੀ ਜਿਹੜਾ ਸੂਬੇ ਵਿਚ ਰਹਿੰਦੇ ਸਾਊਥ ਏਸ਼ੀਅਨ ਵਿਰਾਸਤ ਦੇ ਲੋਕਾਂ ਦੇ ਯੋਗਦਾਨਾਂ ਅਤੇ ਸਭਿਆਚਾਰਾਂ ਉੱਪਰ ਕੇਂਦਰਿਤ ਬੀ.ਸੀ. ਵਿਚ ਨਵਾਂ ਮਿਊਜ਼ੀਅਮ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਰੂਪ ਰੇਖਾ ਪ੍ਰਦਾਨ ਕਰੇਗਾ। ਲੋਕਾਂ ਨਾਲ ਸ਼ਮੂਲੀਅਤ ਦੇ ਪੜਾ ਦੌਰਾਨ, ਐਡਵਾਈਜ਼ਰੀ ਦੀ ਭੂਮਿਕਾ ਸ਼ਮੂਲੀਅਤ ਦੀ ਪ੍ਰਕਿਰਿਆ ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦੇਣ, ਸ਼ਮੂਲੀਅਤ ਦੀਆਂ ਮੁੱਖ ਸਰਗਰਮੀਆਂ ਵਿਚ ਹਿੱਸਾ ਲੈਣ, ਅਤੇ ‘ਅਸੀਂ ਕੀ ਸੁਣਿਆ ਹੈ’ ਰਿਪੋਰਟ (ਰਿਪੋਰਟਾਂ) ਦੀ ਪੜਚੋਲ ਕਰਨ ਵੱਲ ਤਬਦੀਲ ਹੋ ਜਾਵੇਗਾ।
ਸੈਂਟਰ ਫਾਰ ਡਾਇਲੌਗ ਦਾ ਰੋਲ ਕੀ ਹੈ?
ਸੈਂਟਰ ਫਾਰ ਡਾਇਲੌਗ ਦੀ ਭੂਮਿਕਾ ਸੂਬੇ ਨੂੰ ਜ਼ਰੂਰੀ ਸਲਾਹ ਦੇਣਾ ਹੈ ਤਾਂ ਜੋ ਸ਼ਮੂਲੀਅਤ ਨੂੰ ਬਰਾਬਰੀ, ਸ਼ਮੂਲੀਅਤ, ਪਹੁੰਚਯੋਗਤਾ, ਨਸਲਵਾਦ ਵਿਰੋਧੀ ਅਤੇ ਜਾਤੀਵਾਦ ਵਿਰੋਧੀ ਸਿਧਾਂਤਾਂ ਨਾਲ ਡਿਜ਼ਾਇਨ ਕੀਤਾ ਜਾ ਸਕੇ। ਸੈਂਟਰ ਭਾਈਚਾਰਿਆਂ ਦੀਆਂ ਇਨ੍ਹਾਂ ਇਛਾਵਾਂ ਨੂੰ ਪ੍ਰਤੀਬਿੰਬਤ ਕਰਨ ਲਈ ਐਡਵਾਈਜ਼ਰੀ ਨਾਲ ਮਿਲ ਕੇ ਕੰਮ ਕਰਦਾ ਹੈ ਕਿ ਇਸ ਵਾਰਤਾਲਾਪ ਨੂੰ ਸ਼ਮੂਲੀਅਤ ਦੇ ਮੌਕਿਆਂ ਦੇ ਡਿਜ਼ਾਇਨ ਵਿਚ ਕਿਵੇਂ ਸ਼ਾਮਲ ਕੀਤਾ ਜਾਵੇ। ਜਨਤਕ ਸ਼ਮੂਲੀਅਤ ਦੇ ਮਾਹਰਾਂ ਵਜੋਂ ਸੈਂਟਰ ਦੀ ਭੂਮਿਕਾ ਮਿਊਜ਼ੀਅਮ ਲਈ ਵਿਯਨ ਤਿਆਰ ਕਰਨਾ ਨਹੀਂ ਹੈ; ਇਹ ਭਾਈਚਾਰਿਆਂ ਦੀ ਭੂਮਿਕਾ ਹੈ।
ਬੀ ਸੀ ਮਿਊਜ਼ੀਅਮ ਐਸੋਸੀਏਸ਼ਨ ਦੀ ਕੀ ਭੂਮਿਕਾ ਹੈ?
BCMA ਸੈਰ-ਸਪਾਟਾ, ਕਲਾ, ਸੱਭਿਆਚਾਰ ਅਤੇ ਖੇਡ ਮੰਤਰਾਲੇ ਨਾਲ ਸ਼ਮੂਲੀਅਤ ਅਤੇ ਅਨੁਦਾਨ ਪ੍ਰਸ਼ਾਸਨ ਦੇ ਮੌਕਿਆਂ ਦਾ ਪ੍ਰਬੰਧਨ ਅਤੇ ਸਹੂਲਤ ਪ੍ਰਦਾਨ ਕਰੇਗਾ। ਮਿਊਜ਼ੀਅਮ ਸੈਕਟਰ ਅਤੇ ਸ਼ਮੂਲੀਅਤ ਡਿਲੀਵਰੀ ਦੇ ਮਾਹਰ ਹੋਣ ਦੇ ਨਾਤੇ, ਉਨ੍ਹਾਂ ਦੇ ਸਰੋਤ, ਦ੍ਰਿਸ਼ਟੀਕੋਣ ਅਤੇ ਯੋਗਦਾਨ ਇੱਕ ਵਿਆਪਕ ਅਤੇ ਸਲਾਹ-ਮਸ਼ਵਰੇ ਦੀ ਸ਼ਮੂਲੀਅਤ ਪ੍ਰਕਿਰਿਆ ਦਾ ਸਮਰਥਨ ਕਰਨਗੇ। BCMA ਕੋਲ ਸੈਰ-ਸਪਾਟਾ, ਕਲਾ, ਸੱਭਿਆਚਾਰ ਅਤੇ ਖੇਡ ਮੰਤਰਾਲੇ, ਅਤੇ ਹੋਰ ਸੰਸਥਾਵਾਂ ਦੇ ਨਾਲ-ਨਾਲ ਸੁਤੰਤਰ ਤੌਰ ‘ਤੇ ਸਾਂਝੇਦਾਰੀ ਦੇ ਮੌਕੇ ਪ੍ਰਦਾਨ ਕਰਨ ਦਾ ਕਈ ਸਾਲਾਂ ਦਾ ਅਨੁਭਵ ਹੈ।
ਮਿਊਜ਼ੀਅਮ ਦਾ ਨਾਂ ਕੀ ਹੋਵੇਗਾ?
ਸ਼ਮੂਲੀਅਤ ਦੌਰਾਨ, ਭਾਈਚਾਰੇ ਇਸ ਮਿਊਜ਼ੀਅਮ ਦੇ ਨਾਂ, ਸਥਾਨ ਅਤੇ ਦ੍ਰਿਸ਼ਟੀਕੋਣ ਲਈ ਆਪਣੇ ਵਿਚਾਰ ਦੇਣ ਦੇ ਯੋਗ ਹੋਣਗੇ। ਵਿਆਪਕ ਨਾਂ “ਸਾਊਥ ਏਸ਼ੀਅਨ ਕੈਨੇਡੀਅਨ ਮਿਊਜ਼ੀਅਮ” ਉਦੋਂ ਤੱਕ ਇਕ ਆਰਜ਼ੀ ਨਾਂ ਹੈ ਜਦ ਤੱਕ ਇਸ ਸ਼ਮੂਲੀਅਤ ਦੌਰਾਨ ਨਾਂ ਦਾ ਫੈਸਲਾ ਨਹੀਂ ਹੋ ਜਾਂਦਾ।
ਮੈਂ ਕਿਵੇਂ ਸ਼ਾਮਲ ਹੋ ਸਕਦਾ/ਸਕਦੀ ਹਾਂ?
ਅਸੀਂ ਭਾਈਚਾਰੇ ਦੀ ਸ਼ਮੂਲੀਅਤ ਦੀ ਕਦਰ ਕਰਦੇ ਹਾਂ ਅਤੇ ਸਾਰੀ ਸ਼ਮੂਲੀਅਤ ਦੌਰਾਨ ਅਸੀਂ ਸਰਗਰਮੀ ਨਾਲ ਵਿਚਾਰਾਂ, ਗਿਆਨ, ਤਜਰਬਿਆਂ, ਦ੍ਰਿਸ਼ਟੀਕੋਣਾਂ ਅਤੇ ਸਹਿਯੋਗ ਦੀ ਮੰਗ ਕਰਾਂਗੇ। ਅਜਾਇਬ ਘਰ (ਮਿਊਜ਼ੀਅਮ) ਦੇ ਵਿਜ਼ਨ ਅਤੇ ਸ਼ਮੂਲੀਅਤ ਦੇ ਕਾਰਜ ਦੀ ਰੂਪ ਰੇਖਾ ਘੜਣ ਲਈ ਅਸੀਂ ਕਮਿਊਨਟੀ ਸੰਸਥਾਵਾਂ, ਸਭਿਆਚਾਰਕ ਮਾਹਰਾਂ ਅਤੇ ਸਥਾਨਕ ਵਸਨੀਕਾਂ ਨੂੰ ਆਪਣੇ ਗਿਆਨ ਅਤੇ ਮੁਹਾਰਤ ਦਾ ਯੋਗਦਾਨ ਪਾਉਣ ਲਈ ਵੀ ਉਤਸ਼ਾਹ ਦਿੰਦੇ ਹਾਂ।
ਸ਼ਾਮਲ ਹੋਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਕਈ ਤਰੀਕੇ ਹੋਣਗੇ:
- ਆਪਣੇ ਦੋਸਤਾਂ ਅਤੇ ਨੈੱਟਵਰਕਾਂ ਨੂੰ ਨਿੱਜੀ ਰੂਪ ਵਿਚ ਜਾਂ ਔਨਲਾਈਨ ਕਮਿਊਨਟੀ ਵਲੋਂ ਸਹਿ-ਮੇਜ਼ਬਾਨੀ ਵਾਲੀਆਂ ਵਰਕਸ਼ਾਪਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹ ਦਿਉ, ਜਿੱਥੇ ਵੀ ਉਹ ਸ਼ਾਮਲ ਹੋ ਸਕਦੇ ਹੋਣ;
- ਆਪਣੇ ਪੱਧਰ ‘ਤੇ ਭਾਈਚਾਰੇ ਆਧਾਰਿਤ ਗੱਲਬਾਤ ਕਰਨ ਦੇ ਮੇਜ਼ਬਾਨ ਬਣੋ;
- ਸਰਵੇ ਭਰੋ;
- ਸਾਨੂੰ ਕੋਈ ਵੀ ਉਹ ਤਰੀਕਾ ਦੱਸੋ ਜਿਸ ਨਾਲ ਅਸੀਂ ਕਾਰਜ ਵਿਚ ਸੁਧਾਰ ਕਰ ਸਕਦੇ ਹਾਂ।
ਮੇਰੇ ਇਨਪੁਟ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ?
ਸ਼ਮੂਲੀਅਤ ਦੀਆਂ ਸਰਗਰਮੀਆਂ ਤੋਂ ਲਏ ਗਏ ਬਿਨਾਂ ਨਾਂ ਵਾਲੇ ਨੋਟਸ ਨੂੰ ਇਕੱਤਰ ਕੀਤਾ ਜਾਵੇਗਾ ਅਤੇ ‘ਅਸੀਂ ਕੀ ਸੁਣਿਆ ਹੈ’ ਰਿਪੋਰਟ ਤਿਆਰ ਕਰਨ ਲਈ ਵਿਸ਼ਿਆਂ ਦੀ ਪਛਾਣ ਕਰਨ ਵਾਸਤੇ ਇਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਪਾਰਦਰਸ਼ਤਾ, ਜਵਾਬਦੇਹੀ, ਅਤੇ ਪ੍ਰਾਈਵੇਸੀ ਅਤੇ ਨਿੱਜੀ ਜਾਣਕਾਰੀ ਦੀ ਰੱਖਿਆ ਪ੍ਰਤੀ ਸੂਬਾਈ ਸਰਕਾਰ ਦੀ ਵਚਨਬੱਧਤਾ ਮੁਤਾਬਕ, ਇਹ ਰਿਪੋਰਟ ਜਨਤਕ ਤੌਰ `ਤੇ ਉਪਲਬਧ ਹੋਵੇਗੀ। ‘ਅਸੀਂ ਕੀ ਸੁਣਿਆ ਹੈ’ ਰਿਪੋਰਟ ਦੀਆਂ ਮੁੱਖ ਸਿੱਖਿਆਵਾਂ, ਸਾਊਥ ਏਸ਼ੀਅਨ ਕੈਨੇਡੀਅਨ ਮਿਊਜ਼ੀਅਮ ਦੀ ਸਥਾਪਨਾ ਲਈ ਮੰਤਰਾਲੇ ਨੂੰ ਅਗਲੇ ਕਦਮਾਂ ਦੀ ਜਾਣਕਾਰੀ ਦੇਣਗੀਆਂ।
ਚਰਚਾ ਕਦੋਂ ਹੋਵੇਗੀ?
ਜਨਤਕ ਚਰਚਾ ਅਪ੍ਰੈਲ 2,2024 ਤੋਂ ਸ਼ੁਰੂ ਹੋਵੇਗੀ।
ਜੇ ਮੇਰੇ ਕੋਈ ਸਵਾਲ ਹੋਣ ਤਾਂ ਮੈਂ ਕਿਸ ਨਾਲ ਸੰਪਰਕ ਕਰ ਸਕਦਾ/ਸਕਦੀ ਹਾਂ?
ਕਿਰਪਾ ਕਰਕੇ CSAHMuseumEngagement@gov.bc.ca ਨਾਲ ਸੰਪਰਕ ਕਰੋ